Understanding Emotions
ਭਾਵਨਾਵਾਂ: ਰੇਨੇ ਡੇਕਾਰਟੇ ਦੇ ਨਜਰੀਏ ਤੋਂ
"ਭਾਵਨਾ" ਇੱਕ ਆਧੁਨਿਕ ਧਾਰਨ ਹੈ ਇਸਨੂੰ ਪਹਿਲਾਂ ਜਨੂੰਨ (Passion) ਕਿਹਾ ਜਾਂਦਾ ਰਿਹਾ ਹੈ, ਜਨੂੰਨ ਮਨੁੱਖੀ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਦਾਰਸ਼ਨਿਕਾਂ ਨੂੰ ਲੰਬੇ ਸਮੇਂ ਤੋਂ ਆਕਰਸ਼ਿਤ ਕਰਦੇ ਆ ਰਹੇ ਹਨ। 17ਵੀਂ ਸਦੀ ਦੇ ਫਰਾਂਸੀਸੀ ਦਾਰਸ਼ਨਿਕ, ਰੇਨੇ ਡੇਕਾਰਟੇ ਦਾ ਭਾਵਨਾਵਾਂ ਬਾਰੇ ਪ੍ਰਭਾਵਸ਼ਾਲੀ ਨਜ਼ਰੀਆ ਰਿਹਾ ਹੈ। ਖਾਸ ਤੌਰ 'ਤੇ ਉਸਦੀ ਰਚਨਾ "ਲੇਸ ਪੈਸ਼ਨਜ਼ ਡੇ ਲਾਮੇ" (ਆਤਮਾ ਦੇ ਜਨੂੰਨ) ਵਿੱਚ ਮਨੁੱਖੀ ਭਾਵਨਾਵਾਂ (ਜਿਸਨੂੰ ਉਹ ਪੈਸ਼ਨਜ਼ ਜਾਂ ਜਨੂਨ ਕਹਿੰਦਾ ਹੈ) ਬਾਰੇ ਉਸਦਾ ਦ੍ਰਿਸ਼ਟੀਕੋਣ ਦਰਸ਼ਨ, ਮਨੋਵਿਗਿਆਨ ਅਤੇ ਸ਼ੁਰੂਆਤੀ ਤੰਤੁ ਵਿਗਿਆਨ ਦੇ ਸੁਮੇਲ ਤੋਂ ਉਪਜਿਆ ਜਾਪਦਾ ਹੈ। ਇੱਕ ਪਦਾਰਥ ਦਵੈਤਵਾਦੀ ਦਾਰਸ਼ਨਿਕ ਹੋਣ ਕਾਰਣ ਡੇਕਾਰਟੇ ਨੇ ਮਨ ਅਤੇ ਸਰੀਰ ਨੂੰ ਵੱਖਰੇ ਪਦਾਰਥਾਂ ਵਜੋਂ ਦੇਖਿਆ। ਉਸਦਾ ਮੰਨਣਾ ਸੀ ਕਿ ਭਾਵਨਾਵਾਂ ਆਤਮਾ (ਮਨ) ਅਤੇ ਸਰੀਰ ਵਿਚਕਾਰ ਆਪਸੀ ਤਾਲਮੇਲ ਤੋਂ ਪੈਦਾ ਹੁੰਦੀਆਂ ਹਨ।
ਮਨ (Soul ਜਾਂ ਆਤਮਾ) ਗੈਰ-ਭੌਤਿਕ ਹੈ ਜੋ ਸੋਚਣ ਲਈ ਜ਼ਿੰਮੇਵਾਰ ਹੈ ਅਤੇ ਸਰੀਰ ਇੱਕ ਭੌਤਿਕ ਮਸ਼ੀਨ ਵਾਂਗੂੰ ਹੈ। ਭਾਵਨਾਵਾਂ, ਜਾਂ ਜਨੂੰਨ, ਉਦੋਂ ਵਾਪਰਦੇ ਹਨ ਜਦੋਂ ਸਰੀਰ ਆਤਮਾ ਨੂੰ ਪ੍ਰਭਾਵਿਤ ਕਰਦਾ ਹੈ; ਅਰਥਾਤ ਇੱਕ ਕਿਸਮ ਦਾ ਸੁਨੇਹਾ ਮਨ ਨੂੰ ਭੇਜਦਾ ਹੈ। ਉਸਦਾ ਮੰਨਣਾ ਸੀ ਕਿ ਪਾਈਨਲ ਗ੍ਰੰਥੀ ਮਨ ਅਤੇ ਸਰੀਰ ਵਿਚਕਾਰ ਆਪਸੀ ਤਾਲਮੇਲ ਦਾ ਬਿੰਦੂ ਹੈ। ਬਾਹਰੀ ਉਤੇਜਨਾ (ਜਿਵੇਂ ਕਿ ਕਿਸੇ ਡਰਾਉਣੀ ਚੀਜ਼ ਨੂੰ ਦੇਖਣਾ) ਪਸ਼ੂ ਦ੍ਰਵ (Animal Spirit - ਤੰਤੂਆਂ ਵਿਚਲੇ ਤਰਲ ਪਦਾਰਥ) ਵਿੱਚ ਹਰਕਤ ਪੈਦਾ ਕਰਦੀ ਹੈ ਜੋ ਦਿਮਾਗ ਵਿੱਚ ਪਾਈਨਲ ਗ੍ਰੰਥੀ ਨੂੰ ਪ੍ਰਭਾਵਿਤ ਕਰਦਾ ਹੈ। ਪਾਈਨਲ ਗ੍ਰੰਥੀ ਅੱਗੋਂ ਮਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਸਾਨੂੰ ਭਾਵਨਾ(ਜਨੁਨਾਨ ) ਦਾ ਸੁਚੇਤ ਅਨੁਭਵ ਹੁੰਦਾ ਹੈ।
ਡੇਕਾਰਟੇ ਨੇ ਮਨੁੱਖਾਂ ਵਿੱਚ ਛੇ ਬੁਨਿਆਦੀ ਜਾਂ "ਆਦਿਮ" ਜਨੂੰਨਾਂ ਦੀ ਪਛਾਣ ਕੀਤੀ: ਹੈਰਾਨੀ, ਪਿਆਰ, ਨਫ਼ਰਤ, ਇੱਛਾ, ਖੁਸ਼ੀ ਅਤੇ ਉਦਾਸੀ। ਇਸ ਤੋਂ ਇਲਾਵਾ ਹੋਰ ਜਨੂੰਨਾ ਨੂੰ ਉਹ ਇਹਨਾਂ ਕਿਸੇ ਦੋ ਜਨੂੰਨਾ ਦੇ ਹੀ ਸੁਮੇਲ ਤੋਂ ਬਣਿਆ ਮੰਨਦਾ ਹੈ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦਿਮਾਗ ਵਿੱਚ ਤੰਤੁ ਬਿਜਲਈ ਅਤੇ ਰਸਾਇਣਿਕ ਸੰਕੇਤ ਭੇਜਦੇ ਹਨ, ਤਰਲ ਨਹੀਂ। ਭਾਵੇਂ ਇਹ ਧਾਰਨਾ ਆਧੁਨਿਕ ਯੁੱਗ ਵਿੱਚ ਸਵੀਕਾਰ ਨਹੀਂ ਕੀਤੀ ਜਾਂਦੀ, ਪਰ ਡੇਕਾਰਟੇ ਦੇ ਸਮੇਂ ਵਿੱਚ "ਪਸ਼ੂ ਦ੍ਰਵ" ਦਿਮਾਗ ਅਤੇ ਨਾੜੀਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਾਉਣ ਦੀ ਇੱਕ ਸ਼ੁਰੂਆਤੀ ਕੋਸ਼ਿਸ਼ ਸੀ।
ਇਸਦੇ ਨਾਲ ਹੀ ਅੱਜ ਅਸੀਂ ਦਰਜਨਾਂ ਭਾਵਨਾਵਾਂ ਦੀ ਵੀ ਵੱਖਰੀ ਪਹਿਚਾਣ ਕਰ ਲਈ ਹੈ ਜਿਸ ਬਾਰੇ ਅਸੀਂ ਹੱਥਲੀ ਪੁਸਤਕ ਰਾਹੀਂ ਜਾਣਾਂਗੇ।
ਡੇਵਿਡ ਹਿਊਮ ਦਾ ਮਨੁੱਖੀ ਸੁਭਾਅ ਦਾ ਗ੍ਰੰਥ, ਕਿਤਾਬ II : ਜਨੂੰਨ
ਭਾਵਨਾਵਾਂ ਲਈ ਹਿਊਮ ਵੀ ਆਪਣੀਆਂ ਲਿਖਤਾਂ ਵਿੱਚ ਜਨੂੰਨ (Passions) ਸ਼ਬਦ ਦੀ ਵਰਤੋਂ ਕਰਦਾ ਹੈ। ਜਨੂੰਨ ਉਹ ਅਹਿਸਾਸ ਜਾਂ ਜਜ਼ਬਾਤ ਹਨ ਜੋ ਸਾਡੇ ਅੰਦਰ ਪ੍ਰਭਾਵਾਂ(Impressions), ਵਿਚਾਰਾਂ(Ideas) ਜਾਂ ਘਟਨਾਵਾਂ (Events) ਦੇ ਜਵਾਬ ਵਿੱਚ ਪੈਦਾ ਹੁੰਦੇ ਹਨ।
ਪ੍ਰਭਾਵ ਸਭ ਤੋਂ ਸਪਸ਼ਟ ਅਤੇ ਜ਼ੋਰਦਾਰ ਧਾਰਨਾਵਾਂ (Perceptions) ਹਨ - ਉਹ ਮਾਨਸਿਕ ਅਨੁਭਵ ਜੋ ਸਭ ਤੋਂ ਵੱਧ ਤੀਬਰਤਾ ਨਾਲ ਹੁੰਦੇ ਹਨ। ਅਰਥਾਤ ਸਿੱਧੇ ਸੰਵੇਦੀ ਅਨੁਭਵ ਅਤੇ ਅਹਿਸਾਸ; ਜਿਵੇਂ ਕਿ ਜਲਣ ਦਾ ਦਰਦ, ਜਾਂ ਚਮਕਦਾਰ ਰੰਗ ਦਾ ਦ੍ਰਿਸ਼।
ਪ੍ਰਭਾਵਾਂ ਦੀ ਤੁਲਨਾ ਵਿਚਾਰਾਂ (Ideas) ਨਾਲ ਕਰੀਏ ਤਾਂ ਵਿਚਾਰ ਸਾਡੇ ਮਨ ਵਿੱਚ ਪ੍ਰਭਾਵ ਦੀ ਦੀ ਨਕਲ ਜਾਂ ਪ੍ਰਤੀਬਿੰਬ ਹੁੰਦੇ ਹਨ। ਵਿਚਾਰਾਂ ਦੇ ਉਲਟ, ਪ੍ਰਭਾਵ ਸਿੱਧੇ ਅਤੇ ਪ੍ਰਤੱਖ ਅਨੁਭਵ ਹਨ ਜੋ ਕਿ ਅਸੀਂ ਇੰਦਰੀਆਂ ਰਾਹੀਂ ਕਰਦੇ ਹਾਂ।
ਹਿਊਮ ਅੱਗੇ ਪ੍ਰਭਾਵਾਂ ਨੂੰ ਦੋ ਕਿਸਮਾਂ ਵਿੱਚ ਵੰਡਦਾ ਹੈ: ਮੂਲ ਪ੍ਰਭਾਵ (Original Impressions) ਅਤੇ ਦੋਇਮ ਪ੍ਰਭਾਵ (Secondary Impressions)।
ਮੂਲ ਪ੍ਰਭਾਵ ਨੂੰ ਸੰਵੇਦਨਾਵਾਂ ਦੇ ਪ੍ਰਭਾਵ ਵੀ ਕਿਹਾ ਜਾਂਦਾ ਹੈ। ਇਹ ਸਾਡੀਆਂ ਇੰਦਰੀਆਂ ਰਾਹੀਂ ਪ੍ਰਾਪਤ ਹੋਣ ਵਾਲੀ ਬਾਹਰੀ ਉਤੇਜਨਾ ਜਾਂ ਸਰੀਰਕ ਸੰਵੇਦਨਾਵਾਂ ਤੋਂ ਤੁਰੰਤ ਪੈਦਾ ਹੁੰਦੇ ਹਨ। ਉਦਾਹਰਣ ਵਜੋਂ, ਗਰਮ ਵਸਤੂ ਜਾਂ ਲਾਟ ਨੂੰ ਛੂਹਣ ਨਾਲ ਮਹਿਸੂਸ ਹੋਣ ਵਾਲੀ ਜਲਨ ਇੱਕ ਮੂਲ ਪ੍ਰਭਾਵ ਹੈ।
ਦੋਇਮ ਪ੍ਰਭਾਵ ਨੂੰ ਪ੍ਰਤੀਬਿੰਬ ਦੇ ਪ੍ਰਭਾਵ ਵੀ ਕਿਹਾ ਜਾਂਦਾ ਹੈ। ਇਹ ਅਸਿੱਧੇ ਤੌਰ 'ਤੇ ਮੂਲ ਪ੍ਰਭਾਵ ਤੋਂ ਜਾਂ ਕਿਹ ਲਓ ਕਿ ਮੂਲ ਪ੍ਰਭਾਵ ਦੇ ਵਿਚਾਰਾਂ ਤੋਂ ਪੈਦਾ ਹੁੰਦੇ ਹਨ, ਜਿਸ ਵਿੱਚ ਚਿੰਤਨ ਵੀ ਸ਼ਾਮਿਲ ਹੁੰਦਾ ਹੈ। ਜਨੂੰਨ (ਭਾਵਨਾਵਾਂ) ਦੋਇਮ ਪ੍ਰਭਾਵ ਦੀ ਤਰ੍ਹਾਂ ਹਨ; ਇਹ ਸਿੱਧੇ ਸੰਵੇਦੀ ਅਨੁਭਵ ਨਹੀਂ ਹੁੰਦੇ ਬਲਕਿ ਬਾਹਰੀ ਉਤੇਜਨਾ ਜਾਂ ਸਰੀਰਕ ਸੰਵੇਦਨਾਵਾਂ ਦੇ ਪ੍ਰਤੀਬਿੰਬਾਂ ਜਾਂ ਵਿਚਾਰਾਂ ਤੋਂ ਉਤਪੰਨ ਹੁੰਦੇ ਹਨ।
ਹਿਊਮ ਦੀ ਲਿਖਤ ਵਿੱਚ ਗਰਵ, ਨਿਮਰਤਾ, ਪਿਆਰ ਅਤੇ ਨਫ਼ਰਤ ਦਾ ਵਿਸ਼ੇਸ਼ ਜਿਕਰ ਮਿਲਦਾ ਹੈ। ਉਹ ਗਰਵ ਅਤੇ ਨਿਮਰਤਾ ਵੱਲ ਕਾਫ਼ੀ ਧਿਆਨ ਦਿੰਦਾ ਹੈ ਅਤੇ ਇਹਨਾਂ ਨੂੰ ਸਵੈ-ਨਿਰਦੇਸ਼ਿਤ ਸਨੇਹ ਵਜੋਂ ਦਰਸਾਉਂਦਾ ਹੈ ਜੋ ਕਿਸੇ ਵਿਅਕਤੀ ਦੇ ਆਪਣੇ ਪ੍ਰਤੀ ਦ੍ਰਿਸ਼ਟੀਕੋਣ 'ਤੇ ਨਿਰਭਰ ਕਰਦਾ ਹੈ।
ਗਰਵ ਅਨੁਕੂਲ ਸਵੈ-ਮੁਲਾਂਕਣ (favourable self-assessment) ਤੋਂ ਪੈਦਾ ਹੁੰਦਾ ਹੈ ਅਤੇ ਬਾਹਰੀ ਪ੍ਰਸ਼ੰਸਾ ਨਾਲ ਜੁੜਿਆ ਹੁੰਦਾ ਹੈ। ਨਿਮਰਤਾ ਇਸਦੇ ਉਲਟ ਪ੍ਰਤੀਕੂਲ ਸਵੈ-ਦ੍ਰਿਸ਼ਟੀਕੋਣ ਤੋਂ ਪੈਦਾ ਹੁੰਦੀ ਹੈ ਅਤੇ ਬਾਹਰੀ ਦੋਸ਼ 'ਤੇ ਸਨਮਾਨ ਦੀ ਘੱਟ ਤੋਂ ਪ੍ਰੇਰਿਤ ਹੁੰਦੀ ਹੈ। ਇੱਥੇ ਸਵੈ-ਧਾਰਨਾ, ਦੂਜਿਆਂ ਦੀ ਹਮਦਰਦੀ, ਅਤੇ ਦੂਜਿਆਂ ਵੱਲੋਂ ਕੀਤੀ ਜਾਂਦੀ ਪ੍ਰਤਿਸ਼ਠਾ ਆਦਿ ਬਾਰੇ ਤਰਕ ਦੇ ਵਿਚਕਾਰ ਆਪਸੀ ਤਾਲਮੇਲ ਇਹਨਾਂ ਸਵੈ-ਸੰਬੰਧੀ ਜਨੂੰਨਾਂ ਦਾ ਮੂਲ ਬਣਦਾ ਹੈ।
ਪਿਆਰ ਅਤੇ ਨਫ਼ਰਤ ਵਿੱਚ ਮੁੱਖ ਵਸਤੂ (Primary Object) ਕੋਈ ਹੋਰ ਵਿਅਕਤੀ ਹੁੰਦਾ ਹੈ, ਪਰ ਇਹਨਾਂ ਦਾ ਕਾਰਨ ਇਹ ਹੋਵੇਗਾ ਕਿ ਉਸ ਵਿਅਕਤੀ ਦੇ ਗੁਣਾਂ ਅਤੇ ਕੰਮਾਂ ਨਾਲ ਤੁਹਾਂਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਜਾਂ ਨਾਰਾਜ਼ਗੀ ਦਾ। ਇਸਦਾ ਮਤਲਬ ਹੈ ਕਿ ਪਿਆਰ ਅਤੇ ਨਫ਼ਰਤ ਸਿਰਫ਼ ਦੂਸਰਿਆਂ ਦੇ ਅਮੂਰਤ ਗੁਣਾਂ 'ਤੇ ਨਹੀਂ, ਸਗੋਂ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਉਹ ਗੁਣ ਹਮਦਰਦੀ ਅਤੇ ਸਮਾਨਤਾਵਾਂ ਰਾਹੀਂ ਸਾਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
ਡੇਵਿਡ ਹਿਊਮ ਭਾਵਨਾਵਾਂ ਨੂੰ ਸਮਝਣਯੋਗ ਅਤੇ ਸੁਭਾਵਿਕ ਮੰਨਦਾ ਹੈ। ਉਹ ਮੂਲ ਅਤੇ ਦੋਇਮ ਪ੍ਰਭਾਵਾਂ ਨੂੰ ਵੱਖਰਾ ਕਰਕੇ ਅਤੇ ਹਮਦਰਦੀ ਤੇ ਪ੍ਰਤੀਬਿੰਬ 'ਤੇ ਜ਼ੋਰ ਦਿੰਦੇ ਹੋਏ, ਗਰਵ, ਪਿਆਰ ਅਤੇ ਨਫ਼ਰਤ ਵਰਗੇ ਗੁੰਝਲਦਾਰ ਜਨੂੰਨਾਂ ਦੀ ਸਰਲ ਵਿਆਖਿਆ ਕਰਦਾ ਹੈ। ਉਸਦੀ ਇਹ ਵਿਆਖਿਆ ਭਾਵਨਾਵਾਂ ਦੇ ਮਨੋਵਿਗਿਆਨ ਨੂੰ ਇੱਕ ਮਹੱਤਵਪੂਰਨ ਦੇਣ ਹੈ।